ਚੰਡੀਗੜ ਵਿੱਚ ਆਮ ਤੋਰ ਤੇ ਮਨੋਰੰਜਨ ਭਰਪੂਰ ਇਵੇੰਟ ਕਰਵਾਏ ਜਾਂਦੇ ਹਨ। ਅਜਿਹਾ ਹੀ ਇੱਕ ਹੋਰ ਪ੍ਰੋਗਰਾਮ ਚੰਡੀਗੜ ਵਿੱਚ ਹੋਣ ਜਾ ਰਿਹਾ ਹੈ ਜਿਸ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ। ਪਿਛਲੇ ਦਿਨੀ ਇੰਡਸਟਰੀਅਲ ਏਰੀਆ, ਫੇਜ਼ 1, ਚੰਡੀਗੜ੍ਹ ਵਿੱਚ ਹਯਾਤ ਰੇਜਿਡੇਂਸ਼ੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਪਹੁੰਚੇ ਤੇ ਉਹਨਾਂ ਨੇ ਆਪਣੇ ਅਗਲੇ ਹੋਣ ਵਾਲੇ ਪ੍ਰੋਗਰਾਮ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕੀਤਾ। ਇਸ ਸਮਾਗਮ ਵਿੱਚ ਸੁਖਵਿੰਦਰ ਸਿਟੀ ਬਿਊਟੀਫੁੱਲ ਵਿੱਚ ਆਪਣੇ ਦਰਸ਼ਕਾਂ ਲਈ ਲਾਈਵ ਪਰਫਾਰਮੈਂਸ ਕਰਨਗੇ।
ਇਹ ਪ੍ਰੋਗਰਾਮ 24 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿੱਚ ਸ਼ਾਮ 5:30 ਵਜੇ ਤੋਂ ਬਾਅਦ ਹੋਵੇਗਾ। ਸਿਧਾਰਥ ਐਂਟਰਟੇਨਰਜ਼ ਅਤੇ ਹਿੰਦੁਸਤਾਨ ਹੋਲਡਿੰਗਜ਼, ਹਾਰਮੋਨੀ ਇੰਡੀਆ ਟਿਊਨਜ਼ ਦੇ ਸਹਿਯੋਗ ਨਾਲ, ਧੀਰ ਕੌਂਸਟ ਅਤੇ ਵਾਮਨ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਗਾਇਕ ਸੁਖਵਿੰਦਰ ਸਿੰਘ ਮਿਊਜ਼ਿਕ ਮੈਜ਼ਿਕ ਲਾਈਵ ਕੰਸਰਟ ਬਾਰੇ ਜਾਣਕਾਰੀ ਸਾਂਝਾ ਕੀਤੀ ਹੈ ।
ਸੁਖਵਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ , “ਚੰਡੀਗੜ੍ਹ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਜਗ੍ਹਾ ਰੱਖਦਾ ਹੈ, ਅਤੇ ਮੈਂ ਆਪਣੇ ਸੰਗੀਤ ਨੂੰ ਇੱਥੇ ਦੇ ਸਰੋਤਿਆਂ ਤੱਕ ਪਹੁੰਚਾਉਣ ਲਈ ਬਹੁਤ ਖੁਸ਼ ਹਾਂ। 24 ਫਰਵਰੀ ਨੂੰ ਸੈਕਟਰ 34 ਵਿੱਚ ਸ਼ਾਮ 5:30 ਵਜੇ ਸ਼ੁਰੂ ਹੋਣ ਵਾਲਾ ਲਾਈਵ ਕੰਸਰਟ, ਸਾਰੇ ਦਰਸ਼ਕਾਂ ਲਈ ਇੱਕ ਅਭੁੱਲ ਅਨੁਭਵ ਦਾ ਵਾਅਦਾ ਕਰਦਾ ਹੈ। ਮੈਂ ਜਾਦੂਈ ਪਲ ਬਣਾਉਣ ਅਤੇ ਚੰਡੀਗੜ੍ਹ ਦੇ ਖੂਬਸੂਰਤ ਲੋਕਾਂ ਨਾਲ ਜੁੜਨ ਦੀ ਉਮੀਦ ਕਰਦਾ ਹਾਂ।”
ਗਾਇਕ ਦੇ ਨਾਲ ਨਾਲ ਮਹਾਨ ਸੰਗੀਤਕਾਰ ਵੀ ਹਨ ਸੁਖਵਿੰਦਰ
ਸੁਖਵਿੰਦਰ ਸਿੰਘ ਨੇ ਕੇਵਲ 13 ਸਾਲ ਦੀ ਉਮਰ ਵਿੱਚ ਗਾਇਕ ਮਲਕੀਤ ਸਿੰਘ ਲਈ ਤੁਤਕ ਤੁਤਕ ਤੂਤੀਆ ਦੀ ਰਚਨਾ ਕੀਤੀ। ਉਹ ਨਾ ਸਿਰਫ਼ ਇੱਕ ਸ਼ਾਨਦਾਰ ਗਾਇਕ ਹੈ, ਉਹ ਇੱਕ ਵਧੀਆ ਸੰਗੀਤਕਾਰ ਵੀ ਹੈ। ਹੁਣ ਤੱਕ ਉਹ ਕਈ ਫਿਲਮਾਂ ‘ਚ ਆਪਣਾ ਸੰਗੀਤ ਦੇ ਚੁੱਕੇ ਹਨ।
ਸੁਖਵਿੰਦਰ ਨੇ ਆਪਣੇ ਗਾਇਕੀ ਕਰੀਅਰ ਵਿੱਚ ਕਈ ਵੱਡੇ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ। ਇਨ੍ਹਾਂ ‘ਚੋਂ ਸਭ ਤੋਂ ਸੁਪਰਹਿੱਟ ਜੋੜੀ ਦੇਸ਼ ਦੇ ਮਸ਼ਹੂਰ ਸੰਗੀਤਕਾਰ ਏ.ਆਰ ਰਹਿਮਾਨ ਨਾਲ ਰਹੀ। ਦੋਵਾਂ ਨੇ ਇਕੱਠੇ ਕਈ ਸੁਪਰਹਿੱਟ ਗੀਤ ਦਿੱਤੇ ਹਨ। ਫਿਲਮ ‘ਦਿਲ ਸੇ’ ਦਾ ਗੀਤ ‘ਛਈਆ ਛਾਇਆ’ ਅੱਜ ਵੀ ਲੋਕਾਂ ਦੇ ਬੁੱਲਾਂ ‘ਤੇ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਗੀਤ ਵੀ ਗਾਇਆ ਹੈ ਜਿਸ ਨੇ ਏ.ਆਰ.ਰਹਿਮਾਨ ਦੀ ਜ਼ਿੰਦਗੀ ਬਦਲ ਦਿੱਤੀ ਹੈ।
‘ਸਲਮਡੌਗ ਮਿਲੀਅਨੇਅਰ’ ਫਿਲਮ ਦਾ ਗੀਤ ‘ਜੈ ਹੋ’ ਨੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਭਾਰਤ ਦਾ ਝੰਡਾ ਲਹਿਰਾਇਆ। ਗੀਤ ਨੂੰ ਆਸਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਐਵਾਰਡ ਨਾਲ ਜੁੜੀ ਇਕ ਦਿਲਚਸਪ ਕਹਾਣੀ ਵੀ ਹੈ ਜੋ ਬਹੁਤ ਘੱਟ ਲੋਕ ਜਾਣਦੇ ਹੋਣਗੇ। ਦਰਅਸਲ, ਆਸਕਰ ਅਵਾਰਡ ਪ੍ਰਾਪਤ ਕਰਦੇ ਸਮੇਂ ਏਆਰ ਰਹਿਮਾਨ ਇਸ ਗੀਤ ਦੇ ਮੁੱਖ ਗਾਇਕ ਨੂੰ ਕ੍ਰੈਡਿਟ ਦੇਣਾ ਭੁੱਲ ਗਏ ਸਨ। ਇਸ ਘਟਨਾ ਦੇ ਕਈ ਸਾਲਾਂ ਬਾਅਦ ਏ.ਆਰ ਰਹਿਮਾਨ ਨੇ ਹਾਲ ਹੀ ‘ਚ ਇਸ ਗੱਲ ‘ਤੇ ਅਫਸੋਸ ਜ਼ਾਹਰ ਕੀਤਾ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਸਮਾਗਮ ਦੌਰਾਨ ਸੁਖਵਿੰਦਰ ਦਾ ਨਾਂ ਲੈਣਾ ਭੁੱਲ ਗਏ ਸਨ, ਕਿਉਂਕਿ ਉਸ ਸਮੇਂ ਉਨ੍ਹਾਂ ਦੇ ਦਿਮਾਗ ਵਿੱਚ ਬਹੁਤ ਕੁਝ ਚੱਲ ਰਿਹਾ ਸੀ।